ਕਿਰਿਆ-ਵਿਸ਼ੇਸ਼ਣ (Adverb)

Published by on

ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ, ਉਨ੍ਹਾਂ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ‘ਤੇਜ਼ ਤੁਰੋ’, ‘ਛੇਤੀ ਲਿਖੋ’, ‘ਖੂਬ ਪੜ੍ਹੋ’ ਵਿੱਚ ‘ਤੇਜ਼’, ‘ਛੇਤੀ’ ਅਤੇ ‘ਖੂਬ’ ਕਿਰਿਆ-ਵਿਸ਼ੇਸ਼ਣ ਹਨ।

ਸੁਰਿੰਦਰ ਤੇਜ਼ ਦੌੜਦਾ ਹੈ।
ਸੁਰਿੰਦਰ ਅਤਿ ਚੰਗਾ ਦੌੜਾਕ ਹੈ।
ਸੁਰਿੰਦਰ ਬਹੁਤ ਤੇਜ਼ ਦੌੜਦਾ ਹੈ।

ਉਪਰੋਕਤ ਵਾਕਾਂ ਵਿੱਚ ‘ਤੇਜ਼’, ‘ਅਤਿ’ ਅਤੇ ‘ਬਹੁਤ’ ਕਿਰਿਆ-ਵਿਸ਼ੇਸ਼ਣ ਹਨ। ਪਹਿਲੇ ਵਾਕ ਵਿੱਚ ਸ਼ਬਦ ‘ਤੇਜ਼’ ਕਿਰਿਆ ‘ਦੌੜਦਾ’ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ। ਦੂਜੇ ਵਾਕ ਵਿੱਚ ਸ਼ਬਦ ‘ਅਤਿ’ ਵਿਸ਼ੇਸ਼ਣ ‘ਚੰਗਾ’ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ। ਤੀਜ਼ੇ ਵਾਕ ਵਿੱਚ ਸ਼ਬਦ ‘ਬਹੁਤ’ ਕਿਰਿਆ-ਵਿਸ਼ੇਸ਼ਣ ‘ਤੇਜ਼’ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ।

ਕਿਰਿਆ-ਵਿਸ਼ੇਸ਼ਣ ਦੀਆਂ ਅੱਠ ਕਿਸਮਾਂ ਹੁੰਦੀਆਂ ਹਨ:

1 ਕਾਲ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Time)
2 ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Place)
3 ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Manners)
4 ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Quantity)
5 ਸੰਖਿਅਕ ਜਾਂ ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Numbers)
6 ਨਿਰਣਾ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Affirmation and Negation)
7 ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Cause)
8 ਨਿਸਚੈ/ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Emphasis)
1. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Time):

ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਦਾ ਪਤਾ ਲੱਗੇ, ਉਹ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਉਦੋਂ, ਜਦੋਂ, ਕਦੋਂ, ਜਦ, ਕਦ, ਕਦੀ, ਹੁਣ, ਕੱਲ੍ਹ, ਪਰਸੋਂ, ਸਵੇਰੇ, ਕਵੇਲੇ, ਦੁਪਹਿਰੇ, ਕਦੇ, ਫਿਰ ਆਦਿ।ਹੁਣ ਤੇਰੀ ਵਾਰੀ ਹੈ।
ਜਦੋਂ ਅਸੀਂ ਸਟੇਸ਼ਨ ਗਏ, ਗੱਡੀ ਚਲੀ ਗਈ ਸੀ।
ਉਹ ਸਵੇਰੇ ਆਇਆ।2. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Place):

ਉਹ ਸ਼ਬਦ ਜਿੰਨ੍ਹਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਦਾ ਪਤਾ ਲੱਗੇ, ਉਹ ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਹੇਠਾਂ, ਉੱਤੇ, ਉੱਪਰ, ਅੰਦਰ, ਬਾਹਰ, ਵਿਚਕਾਰ, ਇੱਧਰ, ਓਧਰ, ਉੱਥੇ, ਕਿੱਧਰ, ਨੇੜੇ, ਦੂਰ, ਸੱਜੇ, ਖੱਬੇ ਆਦਿ।

ਤੁਸੀਂ ਬਾਹਰ ਖੇਡੋ।
ਅਸੀਂ ਅੰਦਰ ਬੈਠਦੇ ਹਾਂ।
ਤੁਸੀਂ ਇੱਥੋ ਪੜ੍ਹੋ।

3. ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Manners):

ਉਹ ਸ਼ਬਦ ਜਿੰਨ੍ਹਾਂ ਤੋਂ ਕਿਰਿਆ ਦੇ ਕਰਨ ਦੇ ਢੰਗ ਜਾਂ ਤਰੀਕੇ ਦਾ ਪਤਾ ਲੱਗੇ, ਉਹ ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਹੌਲੀ, ਤੇਜ਼, ਰੁਕ-ਰੁਕ ਕੇ, ਧੀਰੇ, ਸਹਿਜੇ, ਛੇਤੀ, ਇਵੇਂ, ਉਂਝ, ਇੰਜ, ਕਿਵੇਂ, ਇਸ ਤਰ੍ਹਾਂ, ਉਸ ਤਰ੍ਹਾਂ ਆਦਿ।

ਉਹ ਹੌਲੀ-ਹੌਲੀ ਤੁਰਦਾ ਹੈ।
ਤੁਸੀਂ ਤੇਜ਼ ਤੁਰਦੇ ਹੋ।

4. ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Quantity):

ਉਹ ਸ਼ਬਦ ਜਿੰਨ੍ਹਾਂ ਤੋਂ ਕਿਰਿਆ ਦੇ ਕਰਨ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਹ ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਇੰਨਾ, ਜਿੰਨਾ, ਕਿੰਨਾ, ਬਹੁਤਾ, ਥੋੜ੍ਹਾ, ਬਹੁਤਾ, ਕੁਝ, ਘੱਟ, ਸਾਰਾ, ਪੂਰਾ, ਅਧੂਰਾ, ਵੱਧ ਆਦਿ।

ਮੈਨੂੰ ਥੋੜ੍ਹਾ ਚਾਹੀਦਾ ਹੈ।
ਤੁਹਾਨੂੰ ਕਿੰਨੀ ਸਬਜ਼ੀ ਚਾਹੀਦੀ ਹੈ?

5. ਸੰਖਿਅਕ ਜਾਂ ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Numbers):

ਉਹ ਸ਼ਬਦ ਜਿੰਨ੍ਹਾਂ ਤੋਂ ਕੰਮ ਦੇ ਹੋਣ ਦੀ ਗਿਣਤੀ ਜਾਂ ਵਾਰੀ ਦਾ ਪਤਾ ਲੱਗੇ, ਉਹ ਸੰਖਿਅਕ ਜਾਂ ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਇੱਕ-ਇੱਕ, ਦੋ-ਦੋ, ਕਈ ਵਾਰੀ, ਕਦੇ-ਕਦਾਈਂ, ਘੜੀ-ਮੁੜੀ, ਇਕਹਿਰਾ, ਦੂਹਰਾ, ਦੁਬਾਰਾ, ਵਾਰ-ਵਾਰ ਆਦਿ।

ਮਨੁੱਖ ਘੜੀ-ਮੁੜੀ ਗਲਤੀ ਕਰਦਾ ਹੈ।
ਤੁਸੀਂ ਕਦੇ-ਕਦਾਈਂ ਦਰਸ਼ਨ ਦਿੰਦੇ ਹੋ।
ਰਾਮ ਨੇ ਸ਼ਾਮ ਨਾਲ ਕਈ ਵਾਰ ਸਮਝੌਤਾ ਕੀਤਾ।

6. ਨਿਰਣਾ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Affirmation and Negation):

ਉਹ ਸ਼ਬਦ ਜਿੰਨ੍ਹਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਦੇ ਨਿਰਨੇ ਸਬੰਧੀ ਪਤਾ ਲੱਗੇ, ਨਿਰਣਾ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਹਾਂ ਜੀ, ਨਹੀਂ ਜੀ, ਬਹੁਤ ਅੱਛਾ, ਠੀਕ, ਸਤਬਚਨ, ਜ਼ਰੂਰ, ਆਹੋ, ਹਾਂ, ਨਾ ਆਦਿ।

ਮੈਂ ਉਸਨੂੰ ਨਹੀਂ ਜਾਣਦਾ।
ਹਾਂ ਜੀ, ਉਹ ਸਹਾਇਤਾ ਕਰੇਗਾ।
ਤੁਸੀਂ ਜ਼ਰੂਰ ਦਰਸ਼ਨ ਦਿਓ।

7. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Cause):

ਉਹ ਸ਼ਬਦ ਜਿੰਨ੍ਹਾਂ ਤੋਂ ਕਿਰਿਆ ਦੇ ਕੰਮ ਦੇ ਕਾਰਨ ਦਾ ਪਤਾ ਲੱਗੇ, ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਕਿਉਂਕਿ, ਕਿਉਂਜੁ, ਤਾਂ ਹੀ, ਸੋ, ਇਸ ਕਰਕੇ ਆਦਿ।

ਮੈਂ ਖੇਡ ਨਹੀਂ ਸਕਦਾ ਕਿਉਂਕਿ ਮੇਰੀ ਲੱਤ ਦੁਖਦੀ ਹੈ।
ਮੈਂ ਲੇਟ ਹੋ ਗਿਆ ਇਸ ਲਈ ਬੱਸ ਨਹੀਂ ਫੜ ਸਕਿਆ।
ਉਸਨੇ ਮਿਹਨਤ ਕੀਤੀ, ਸੋ ਪਾਸ ਹੋ ਗਿਆ।

8. ਨਿਸਚੈ/ਤਾਕੀਦ-ਵਾਚਕ (Adverbs of Emphasis):

ਉਹ ਸ਼ਬਦ ਜਿੰਨ੍ਹਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਦਾ ਪਤਾ ਲੱਗੇ, ਨਿਸਚੈ/ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ; ਜਿਵੇਂ: ਬਿਲਕੁਲ, ਬੇਸ਼ੱਕ, ਤਾਂ ਤੇ, ਹੀ, ਵੀ, ਆਦਿ।

ਤੁਸੀਂ ਬੇਸ਼ੱਕ ਆ ਜਾਓ।
ਮੈਂ ਚਾਹ ਬਿਲਕੁਲ ਨਹੀਂ ਪਸੰਦ ਕਰਦਾ।
ਉਹ ਹੀ ਤਾਂ ਸ਼ਰਾਰਤੀ ਹੈ।